25/06/2025
ਸੈਣ ਨਾਈ ਬੁਤਕਾਰੀਆ, ਉਹ ਘਰਿ-ਘਰਿ ਸੁਣਿਆ॥ ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਮੈਂ ਗਨਿਆ॥
ਭਗਤ ਸੈਣ ਜੀ ਦਾ ਇੱਕ ਸ਼ਬਦ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 695 ਉੱਤੇ ਰਾਗ ਧਨਾਸਰੀ ਵਿੱਚ ਅੰਕਿਤ ਹੈ।
ਭਗਤ ਸੈਣ ਜੀ ਦਾ ਜਨਮ 1390 ਈ. ਹੈ ਅਤੇ ਅੰਤਿਮ ਸਮਾਂ 1440 ਈ. ਹੈ। ਆਪ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਮੁਕੰਦ ਰਾਏ ਜੀ ਤੇ ਮਾਤਾ ਜੀਵਨੀ ਜੀ ਸਨ , ਧਰਮ ਪਤਨੀ ਦਾ ਨਾਮ ਸੁਲੱਖਨੀ ਜੀ ਸੀ ,
ਭਗਤ ਸੈਣ ਜੀ ਬਿਦਰ ਦੇ ਰਾਜਾ ਦੇ ਸ਼ਾਹੀ ਨਾਈ ਸਨ ਅਤੇ ਉਸ ਵੇਲੇ ਦੇ ਪ੍ਰਮੁੱਖ ਸੰਤ ਗਿਆਨੇਸ਼੍ਵਰ ਜੀ ਦੇ ਪਰਮ ਸੇਵਕ ਸਨ।
ਭਗਤ ਸੈਣ ਜੀ ਬਾਣੀ ਦਾ ਕੇਵਲ ਇੱਕ ਹੀ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਧੁਕੜੀ ਭਾਸ਼ਾ ਵਿੱਚ ਰਚੇ ਗਏ ਇਸ ਸ਼ਬਦ ਵਿੱਚ ਪਰਮਾਤਮਾ ਦੀ ਵਿਰਾਟ ਆਰਤੀ ਲਈ ਧੂਪ ਦੀਪ ਦੀ ਥਾਂ ਦਿਲ ਦੇ ਸੱਚੇ ਪ੍ਰੇਮ ਨੂੰ ਅਹਿਮੀਅਤ ਦਿੱਤੀ ਗਈ ਹੈ।
ਸ੍ਰੀ ਸੈਣੁ ॥ ਧੂਪ ਦੀਪ ਘ੍ਰਿਤ ਸਾਜਿ ਆਰਤੀ ॥ ਵਾਰਨੇ ਜਾਉ ਕਮਲਾ ਪਤੀ ॥੧॥ ਮੰਗਲਾ ਹਰਿ ਮੰਗਲਾ ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥ ਊਤਮੁ ਦੀਅਰਾ ਨਿਰਮਲ ਬਾਤੀ ॥ ਤੁਹੀ ਨਿਰੰਜਨੁ ਕਮਲਾ ਪਾਤੀ ॥੨॥ ਰਾਮਾ ਭਗਤਿ ਰਾਮਾਨੰਦੁ ਜਾਨੈ ॥ ਪੂਰਨ ਪਰਮਾਨੰਦੁ ਬਖਾਨੈ ॥੩॥ ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥ {ਪੰਨਾ 695}
ਭਗਤ ਸ੍ਰੀ ਸੈਣ ਜੀ ਦੀ ਇੱਕ ਜੀਵਨ ਗਾਥਾ ਅਨੁਸਾਰ ਭਗਤ ਜੀ ਉਥੋਂ ਦੇ ਰਾਜਾ ਦੀ ਨੋਕਰੀ ਕਰਦੇ ਸੀ । ਰੋਜ਼ ਰਾਤ ਨੂੰ ਮਾਲਸ਼ ਕਰਨ ਰਾਤਰੀ ਸਮੇਂ ਜਾਇਆ ਕਰਦੇ ਸਨ। ਇੱਕ ਦਿਨ ਰਾਜ ਮਹਿਲ ਵਿੱਚ ਜਾਣ ਸਮੇਂ ਸ੍ਰੀ ਸੈਣ ਜੀ ਨੂੰ ਸਾਧੂ ਮੰਡਲੀ ਮਿਲ ਪਈ ਜਿਨ੍ਹਾ ਦੀ ਪੂਰੀ ਰਾਤ ਕੀਰਤਨ ਕਰਨ ਦੀ ਸਲਾਹ ਸੀ । ਉਹ ਸਾਧੂਆਂ ਨੂੰ ਨਾਲ ਲੈ ਕੇ ਆਪਣੇ ਘਰ ਚਲੇ ਗਏ। ਸਾਧੂਆਂ ਨਾਲ ਗਿਆਨ ਚਰਚਾ ਕਰਦਿਆਂ ਪ੍ਰਭੂ ਦੇ ਗੁਣ-ਗਾਇਨ ਕਰਦਿਆਂ ਸਾਰੀ ਰਾਤ ਕਿਸ ਤਰ੍ਹਾ ਗੁਜਰ ਗਈ ਪਤਾ ਹੀ ਨਹੀਂ ਚਲਿਆ । ਸੰਤਾਂ ਨਾਲ ਅਜਿਹੇ ਮਸਤ ਹੋਏ ਕਿ ਰਾਜਾ ਜੀ ਦੀ ਡਿਊਟੀ ਕਰਨ ਦਾ ਖਿਆਲ ਹੀ ਭੁੱਲ ਗਿਆ। ਸਵੇਰੇ ਅੰਮ੍ਰਿਤ ਵੇਲੇ ਸਾਧੂਆਂ ਦੀ ਟੋਲੀ ਸ੍ਰੀ ਸੈਣ ਜੀ ਤੋਂ ਆਗਿਆ ਲੈ ਕੇ ਵਿਦਾਅ ਹੋ ਗਈ । ਸਾਧੂਆਂ ਦੇ ਜਾਣ ਸਾਰ ਹੀ ਤੁਰੰਤ ਉਨ੍ਹਾਂ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਤੁਰੰਤ ਰਾਜਾ ਦੇ ਮਹਿਲਾਂ ਵੱਲ ਟੁਰ ਪਏ। ਜਾਣ ਸਾਰ ਆਪਣੀ ਗੈਰ-ਹਾਜ਼ਰੀ ਦੇ ਡਰੋਂ ਨਿਮੋਝੂਣੇ ਰੌਂ ਵਿੱਚ ਜਾ ਕੇ ਰਾਜਾ ਨੂੰ ਨਮਸਕਾਰ ਕੀਤਾ ਤੇ ਰਾਤ ਨਾ ਆਉਣ ਦੀ ਵਜ੍ਹਾ ਦੱਸਣ ਲਈ ਸ਼ਕਤੀ ਇਕੱਠੀ ਕਰਨ ਲੱਗੇ । ਚਿੰਤਤ ਹੋ ਉਠੇ ਕਿ ਕਿਤੇ ਰਾਜਾ ਕੰਮ ਤੋਂ ਜਵਾਬ ਹੀ ਨਾ ਦੇ ਦੇਵੇ। ਪ੍ਰੇਮਸ਼ਵਰ ਆਪਣੇ ਪਿਆਰੇ ਭਗਤਾਂ ਦੀ ਲਾਜ ਤਾਂ ਹਮੇਸ਼ਾ ਹੀ ਰਖਦਾ ਆਇਆ ਹੈ । ਸ੍ਰੀ ਸੈਣ ਜੀ ਦੀ ਗੈਰ ਹਾਜ਼ਰੀ ਵਿੱਚ ਸਰਬ-ਸ਼ਕਤੀਆਂ ਦੇ ਮਾਲਕ ਪ੍ਰਭੂ ਆਪ ਖੁੱਦ ਹਾਜ਼ਰ ਹੋ ਕੇ ਸੈਣ ਜੀ ਦੀ ਡਿਊਟੀ ਨਿਭਾਈ।
ਭਗਤ ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਐਸੀ ਮਾਲਸ਼ ਕੀਤੀ ਕਿ ਉਸਦੇ ਯੁੱਗਾਂ ਯੁਗੰਤਰਾਂ ਦੇ ਦਰਦ ਹਰਨ ਹੋ ਗਏ ,ਰੋਗ ਕੱਟੇ ਗਏ। ਜਦੋਂ ਭਗਵਾਨ ਦੇ ਹੱਥਾਂ ਦਾ ਸੰਪਰਸ਼ ਰਾਜਾ ਜੀ ਦੇ ਸਰੀਰ ਨਾਲ ਹੋਇਆ ਤਾਂ ਰਾਜਾ ਜੀ ਦੀ ਦੇਹ ਸਦਾ ਲਈ ਆਰੋਗ ਹੋ ਗਈ।
ਰਾਜਾ ਬਹੁਤ ਹੀ ਖੁਸ਼ ਸੀ ਭਗਤ ਸ੍ਰੀ ਸੈਨ ਜੀ ਨੂੰ ਮੁਖਾਤਿਬ ਕਰਕੇ ਕਹਿਣ ਲੱਗੇ ਬਈ ਸੈਣ! ਕੀ ਗੱਲ ਕੁਝ ਪ੍ਰੇਸ਼ਾਨ ਲੱਗ ਰਿਹਾ ਹੈ ਤੇਰੀ ਅਜ ਦੀ ਸੇਵਾ ਤੋਂ ਤਾਂ ਮੈਂ ਬਹੁਤ ਖੁਸ਼ ਹਾਂ। ਅਜ ਰਾਤ ਦੀ ਮਾਲਿਸ਼ ਨੇ ਤੇ ਲਗਦਾ ਹੈ ਮੇਰੇ ਜਨਮ ਜਨਮ ਦੇ ਰੋਗ ਕਟ ਦਿਤੇ ਹਨ । ਰਾਜਾ ਜੀ ਦੇ ਉਦਾਰਤਾ ਭਰੇ ਬੋਲ ਸੁਣ ਕੇ ਭਗਤ ਸੈਣ ਜੀ ਹੈਰਾਨ ਹੋ ਉਠੇ ਤੇ ਸੋਚਣ ਲੱਗੇ ਕਿਤੇ ਰਾਜਾ ਜੀ ਜਾਣ ਬੁਝ ਕੇ ਨਰਾਜ਼ਗੀ ਵਿਚ ਤਾਂ ਅਜਿਹੀ ਗੱਲ ਨਹੀਂ ਕਹਿ ਰਹੇ । ਉਨ੍ਹਾਂ ਤੁਰੰਤ ਹੱਥ ਜੋੜ ਕੇ ਸਨਿਮਰ ਢੰਗ ਨਾਲ ਬੇਨਤੀ ਕੀਤੀ ਮਹਾਰਾਜਾ! ਮੇਰੇ ਪਾਸੋਂ ਕਠੋਰ ਗਲਤੀ ਹੋ ਗਈ, ਰਾਤ ਨੂੰ ਮੈਂ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਨਹੀਂ ਹੋ ਸਕਿਆ। ਮੈਨੂੰ ਖਿਮਾ ਕਰ ਦਿਉ ਅੱਗੋਂ ਅਜਿਹੀ ਭੁੱਲ ਨਹੀਂ ਕਰਾਂਗਾ। ਰਾਜਾ ਜੀ ਨੇ ਫਿਰ ਆਪਣੀ ਗਲ ਦੁਹਰਾਈ । ਗੱਲ ਸੁਣ ਕੇ ਭਗਤ ਸ੍ਰੀ ਸੈਣ ਜੀ ਸੋਚੀਂ ਪੈ ਗਏ,” ਮੈਂ ਤਾਂ ਆਇਆ ਨਹੀਂ ਉਹ ਕੌਣ ਸੀ, ਜੋ ਮੇਰੀ ਥਾਂ ਰਾਜਾ ਜੀ ਦੀ ਖਿਦਮਤਦਾਰੀ ਕਰ ਗਿਆ ਹੈ”। ਹਿੰਮਤ ਕਰਕੇ ਬੋਲ ਪਏ। ਮਹਾਰਾਜ ਮੈਂ ਸੱਚ ਕਹਿੰਦਾ ਹਾਂ ਮੈਂ ਰਾਤ ਨਹੀਂ ਆਇਆ ਜਦੋਂ ਮੈਂ ਤੁਹਾਡੇ ਵੱਲ ਆ ਰਿਹਾ ਸੀ ਤਾਂ ਸਾਧੂ ਸੰਤਾਂ ਦੀ ਇੱਕ ਟੋਲੀ ਮੈਨੂੰ ਮਿਲ ਪਈ। ਮੈਂ ਉਨ੍ਹਾਂ ਨੂੰ ਘਰ ਲੈ ਗਿਆ ਤੇ ਸਾਰੀ ਰਾਤ ਭਜਨ ਕੀਰਤਨ ’ਚ ਸਮਾਂ ਬਤੀਤ ਹੋ ਗਿਆ, ਬੇਸ਼ੱਕ ਆਪ ਕਿਸੇ ਸੇਵਾਦਾਰ ਨੂੰ ਭੇਜ ਕੇ ਪਤਾ ਕਰ ਲਵੋ। ਰਾਜਾ ਬਹੁਤ ਹੈਰਾਨ ਹੋਇਆ ਤੇ ਉਸ ਨੂੰ ਗਿਆਨ ਹੋ ਗਿਆ ਕਿ ਸੈਣ ਇੱਕ ਪਹੁੰਚਿਆ ਹੋਇਆ ਭਗਤ ਹੈ ਜਿਸਦੀ ਲਾਜ ਰਖਣ ਵਾਸਤੇ ਭਗਵਾਨ ਖੁਦ ਆਇਆ ਹੈ ਮੇਰੀ ਸੇਵਾ ਕਰਨ ਵਾਸਤੇ। ਰਾਜੇ ਨੇ ਸਤਕਾਰ ਵਜੋਂ ਤੁਰੰਤ ਆਪਣੇ ਗਲੇ ’ਚੋਂ ਸੋਨੇ ਦੀ ਜੰਜ਼ੀਰੀ ਲਾਹ ਕੇ ਭਗਤ ਸੈਣ ਨੂੰ ਪਹਿਨਾ ਦਿੱਤੀ ਤੇ ਉਚਾ ਰੁਤਬਾ ਦੇ ਕੇ ਆਪਣੇ ਪਾਸ ਸਦਾ ਲਈ ਹੀ ਭਗਤ ਸੈਣ ਜੀ ਨੂੰ ਰੱਖ ਲਿਆ। ਇਸ ਗਾਥਾ ਦੀ ਪਰੋੜਤਾ ਰੂਹਾਨੀ ਜਗਤ ਦੀ ਸਿਰਮੌਰ ਸਖਸ਼ੀਅਤ ਤੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਵੀ ਆਪਣੀ ਉਚਾਰਨ ਕੀਤੀ ਇੱਕ ਪੌੜੀ ’ਚ ਬਿਆਨ ਕੀਤੀ ਹੈ।
ਸੁਣ ਪਰਤਾਪ ਕਬੀਰ ਦਾ ਦੂਜਾ ਸਿਖ ਹੋਆ ਸੈਣ ਨਾਈ॥
ਪ੍ਰੇਮ ਭਗਤਿ ਰਾਤੀਂ ਕਰੈ ਭਲਕੇ ਰਾਜ ਦੁਆਰੈ ਜਾਈ॥
ਆਏ ਸੰਤ ਪਰਾਹੁਣੇ ਕੀਰਤਨ ਹੋਆ ਰੈਣ ਸਬਾਈ॥
ਛਡ ਨ ਸਕੈ ਸੰਤ ਜਨ ਰਾਜ ਦੁਆਰ ਨ ਸੇਵ ਕਮਾਈ॥
ਸੈਣ ਰੂਪ ਹਰਿ ਜਾਇ ਕੈ ਆਇਆ ਰਾਣੇ ਨੋਂ ਰੀਝਾਈ॥
ਸਾਧ ਜਨਾਂ ਨੋਂ ਵਿਦਾ ਕਰ ਰਾਜਦੁਆਰ ਗਇਆ ਸ਼ਰਮਾਈ॥
ਰਾਣੇ ਦੂਰਹੁੰ ਸਦਕੈ ਗਲਹੁੰ ਕਵਾਇ ਖੋਲ੍ਹ ਪੈਨ੍ਹਾਈ॥
ਵਸ ਕੀਤਾ ਹਉਂ ਤੁਧ ਅਜ ਬੋਲੈ ਰਾਜਾ ਸੁਣੈ ਲੁਕਾਈ॥
ਪਰਗਟ ਕਰੈ ਭਗਤ ਵਡਿਆਈ॥ (੧੦ਵਾਰ/੧੬ ਪਾਉੜੀ)
ਭਗਤ ਸੈਣ ਜੀ : ਮੰਗਲਾ ਹਰਿ ਮੰਗਲਾ
-----------------------------------
ਗੁਰੂ ਗਰੰਥ ਸਾਹਿਬ ਦੇ ਪੰਨਾ 695 ਉਤੇ ਧਨਾਸਰੀ ਰਾਗ ਵਿਚ ਭਗਤ ਸੈਣ ਜੀ ਦਾ ਇਹ ਸ਼ਬਦ ਦਰਜ ਹੈ:
ਧੂਪ ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਉ ਕਮਲਾ ਪਤੀ॥
ਮੰਗਲਾ ਹਰਿ ਮੰਗਲਾ॥ ਨਿਤ ਮੰਗਲੁ ਰਾਜਾ ਰਾਮ ਰਾਇ ਕੋ॥ਰਹਾਉ॥
ਊਤਮੁ ਦੀਅਰਾ ਨਿਰਮਲ ਬਾਤੀ॥ ਤੁਹੀਂ ਨਿਰੰਜਨੁ ਕਮਲਾ ਪਾਤੀ॥
ਰਾਮਾ ਭਗਤਿ ਰਾਮਾਨੰਦੁ ਜਾਨੈ॥ ਪੂਰਨ ਪਰਮਾਨੰਦੁ ਬਖਾਨੈ॥
ਮਦਨ ਮੂਰਤਿ ਭੈ ਤਾਰਿ ਗੋਬਿੰਦੇ॥ ਸੈਨੁ ਭਣੈ ਭਜੁ ਪਰਮਾਨੰਦੇ॥
ਇਹ ਸ਼ਬਦ ਭਗਤ ਸੈਣ ਦੀ ਪ੍ਰਮਾਤਮਾ ਦੇ ਸਰਗੁਣ ਤੋਂ ਨਿਰਗੁਣ ਸਰੂਪ ਵੱਲ ਵਿਕਸਤ ਹੋਈ ਸਮਝ ਅਤੇ ਵਿਸ਼ਵਾਸ ਦੀ ਯਾਤਰਾ ਨੂੰ ਦਰਸਾਉਂਦਾ ਹੈ। ਰਹਾਓ ਵਾਲੀ ਪੰਕਤੀ ਸਮੇਤ ਸ਼ਬਦ ਦੀਆਂ ਕੁਲ 5 ਸਤਰਾਂ ਹਨ। ਪਰ ਇਹਨਾਂ 5 ਸਤਰਾਂ ਵਿਚ ਪ੍ਰਮਾਤਮਾ ਨੂੰ 7 ਨਾਵਾਂ ਨਾਲ ਯਾਦ ਕੀਤਾ ਗਿਆ ਹੈ, ਜਿਵੇਂ ਕਮਲਾਪਤੀ, ਹਰਿ, ਰਾਮਰਾਇ, ਨਿਰੰਜਨ, ਰਾਮ, ਪਰਮਾਨੰਦੁ ਅਤੇ ਗੋਬਿੰਦ। ਇਸ ਤੋਂ ਭਗਤ ਜੀ ਦੇ ਪ੍ਰਮਾਤਮਾ ਨਾਲ ਸਬੰਧ ਅਤੇ ਲਗਾਓ ਦੀ ਖਬਰ ਮਿਲ ਜਾਂਦੀ ਹੈ। ਅਸੀਂ ਕਿਸੇ ਬੱਚੇ ਨੂੰ ਜਿੰਨਾ ਜ਼ਿਆਦਾ ਲਾਡ ਪਿਆਰ ਕਰਦੇ ਹੋਈਏ ਓਨੇ ਹੀ ਜ਼ਿਆਦਾ ਨਾਵਾਂ ਨਾਲ ਬੁਲਾਉਂਦੇ ਹਾਂ।ਹਰ ਵਾਰ ਨਵੇਂ ਤੋਂ ਨਵੇਂ ਨਾਂ ਨਾਲ ਬੁਲਾਉਣ ਨੂੰ ਮਨ ਕਰਦਾ ਹੈ, ਜਿਵੇਂ ਪਹਿਲੇ ਨਾਵਾਂ ਨਾਲ ਬੁਲਾਉਣ ਤੇ ਹਰ ਵਾਰ ਕੁਝ ਪਿਆਰ ਪ੍ਰਗਟ ਹੋਣੋਂ ਬਚ ਰਹਿੰਦਾ ਹੋਵੇ ਅਤੇ ਅਗਲੀ ਵਾਰੀ ਬਚਦੇ ਪਿਆਰ ਦਾ ਇਜ਼ਹਾਰ ਕਰਨ ਲਈ ਨਵਾਂ ਨਾਂ ਤਲਾਸ਼ਦੇ ਹਾਂ।ਇਕ ਹੋਰ ਵੀ ਉਦਾਹਰਨ ਦੇਖ ਸਕਦੇ ਹਾਂ। ਸਾਡਾ ਆਪਣੇ ਚਾਚੇ ਤਾਏ ਦੇ ਮੁਕਾਬਲੇ ਪਿਤਾ ਨਾਲ ਰਿਸ਼ਤਾ ਜ਼ਿਆਦਾ ਕਰੀਬ ਦਾ ਹੁੰਦਾ ਹੈ। ਸਾਂਝ ਅਤੇ ਨਿਰਭਰਤਾ ਵੱਧ ਹੁੰਦੀ ਹੈ। ਇਸ ਲਈ ਪੰਜਾਬੀ ਵਿਚ ਪਿਤਾ ਲਈ ਕਈ ਸ਼ਬਦ ਹਨ ਜਿਵੇਂ ਭਾਪਾ, ਭਾਈਆ, ਬਾਪੂ, ਬਾਈ, ਪਿਤਾ ਜੀ ਆਦਿ।ਪਰ ਚਾਚੇ ਲਈ ਸਿਰਫ ਚਾਚਾ ਹੈ ਅਤੇ ਤਾਏ ਲਈ ਸਿਰਫ ਤਾਇਆ ਹੈ। ਲਾਡ ਪਿਆਰ ਬਹੁਤਾ ਹੀ ਭਾਰੂ ਹੋ ਜਾਵੇ ਤਾਂ ਚਾਚੂ ਜਾਂ ਤਾਊ ਨਾਲ ਹੀ ਕੰਮ ਚਲਾਉਣਾ ਪੈਂਦਾ ਹੈ। ਮਾਤਾ ਲਈ ਵੀ ਅਨੇਕਾਂ ਸ਼ਬਦ ਹਨ, ਜਿਵੇਂ ਮਾਂ, ਮਾਈ, ਬੀਬੀ, ਬੇਬੇ, ਅੰਮੀ, ਝਾਈ ਆਦਿ। ਪਰ ਚਾਚੀ ਲਈ ਸਿਰਫ ਚਾਚੀ ਅਤੇ ਤਾਈ ਲਈ ਸਿਰਫ ਤਾਈ ਹੈ। ਭਗਤ ਸੈਣ ਜੀ ਦੇ ਉਪਰੋਕਤ ਸ਼ਬਦ ਤੋਂ ਅਨੁਮਾਨ ਹੋ ਜਾਂਦਾ ਹੈ ਕਿ ਭਗਤ ਸੈਣ ਪਰਮਾਤਮਾ ਨਾਲ ਪਿਆਰ ਦੇ ਕਿੰਨੇ ਗੂੜ੍ਹੇ ਰੰਗ ਵਿਚ ਰੰਗੇ ਹੋਏ ਸਨ। ਇਹ ਪਿਆਰ ਕਿੰਨੀ ਨੇੜਤਾ ਅਤੇ ਅਪਣੱਤ ਵਾਲਾ ਸੀ, ਕਿੰਨਾ ਲਾਡ-ਮੁਖੀ ਸੀ।
ਭਗਤ ਸੈਣ ਜੀ ਦੀ ਜਾਤ ਅਤੇ ਕਿਰਤ ਨਾਈ ਦੀ ਸੀ। ਅੱਜ ਕੱਲ੍ਹ ਅਸੀਂ ਨਾਈ ਤੋਂ ਭਾਵ ਵਾਲ ਕੱਟਣ ਵਾਲਾ ਜਾਂ ਹਜਾਮਤਾਂ ਬਣਾਉਣ ਵਾਲਾ ਹੀ ਸਮਝਦੇ ਹਾਂ। ਪਹਿਲਾਂ ਨਾਈ ਆਪਣੀ ਨਿੱਕੀ ਸੰਦੂਕੜੀ ਜਾਂ ਝੋਲਾ ਲੈ ਕੇ ਖੂਹਾਂ ਤੇ (ਖੇਤਾਂ 'ਚ) ਜਾਂਦੇ ਸਨ। ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ ਦੇ ਨਹੁੰ ਕੱਟਦੇ, ਕੰਡੇ ਕੱਢਦੇ, ਭੌਰੀਆਂ ਠੀਕ ਕਰਦੇ, ਵਾਲ ਕਟਾਉਣ ਵਾਲਿਆਂ ਦੇ ਵਾਲ ਕੱਟਦੇ, ਫੋੜੇ ਫਿਨਸੀਆਂ ਤੇ ਮਲ੍ਹਮਾਂ ਲਾਉਂਦੇ। ਹਾੜੀ ਸਾਉਣੀ ਹਰੇਕ ਫਸਲ ਤੇ ਉਹਨਾਂ ਨੂੰ ਅਨਾਜ, ਗੁੜ ਆਦਿ ਸੇਵਾਫਲ ਵਜੋਂ ਦਿੱਤਾ ਜਾਂਦਾ।ਥੋੜ੍ਹੀ ਬਹੁਤੀ ਹਿਕਮਤ (ਦੇਸੀ ਇਲਾਜ) ਵੀ ਜਾਣਦੇ ਸਨ। ਕਈ ਵਾਰ ਸਾਡੇ ਖੇਤੋਂ ਜਾਮਣਾਂ ਦੀਆਂ ਗਿਟਕਾਂ, ਅਨਾਰਾਂ ਦੇ ਛਿਲਕੇ ਅਤੇ ਕਈ ਤਰ੍ਹਾਂ ਦੀਆਂ ਜੜੀ ਬੂਟੀਆਂ ਲੈ ਕੇ ਆਉਂਦੇ। ਇਹਨਾਂ ਨੂੰ ਸੁਕਾ ਕੇ, ਪੀਸ ਕੇ ਦੇਸੀ ਦਵਾਈਆਂ ਬਣਾਉਂਦੇ। ਜ਼ਖ਼ਮ ਸਾਫ ਕਰਕੇ ਦੇਸੀ ਮੱਲਹਮ ਲਾ ਕੇ ਪੱਟੀ ਵੀ ਕਰ ਦਿੰਦੇ ਸਨ। ਫੋੜੇ ਨੂੰ ਚੀਰਾ ਦੇਣ ਵਰਗੀ ਛੋਟੀ ਮੋਟੀ ਸਰਜਰੀ ਵੀ ਕਰ ਲੈਂਦੇ ਸਨ।ਵਿਆਹਾਂ ਸ਼ਾਦੀਆਂ ਵਿਚ ਨਾਈ ਉਸ ਪਰਿਵਾਰ ਦੇ ਸਹਾਇਕ ਦਾ ਕੰਮ ਕਰਦੇ ਸਨ, ਜਿਵੇਂ ਖਾਣਾ ਬਣਾਉਣਾ, ਪਰੋਸਣਾ, ਸੱਦੇ ਸੁਨੇਹੇ ਦੇਣਾ, ਕੱਪੜੇ ਲੀੜੇ ਸੰਭਾਲਣਾ ਆਦਿ। ਵਿਆਂਦੜ ਦੇ ਵਟਣਾ ਲਾਉਣ, ਨਹਾਉਣ, ਤਿਆਰ ਹੋਣ 'ਚ ਸਹਾਇਤਾ ਕਰਨਾ ਇਹਨਾਂ ਦੀ ਕਿਰਤ ਦਾ ਹਿੱਸਾ ਸੀ। ਗਮੀ ਦੇ ਮੌਕਿਆਂ ਤੇ ਵੀ ਇਹ ਪਰਿਵਾਰ ਦੇ ਸਹਾਇਕ ਦਾ ਕੰਮ ਕਰਦੇ ਸਨ।ਹਰ ਤਰ੍ਹਾਂ ਦੀਆਂ ਰਸਮਾਂ ਵੇਲੇ ਇਹ ਵਿਆਂਦੜ ਜਾਂ ਪਰਿਵਾਰ ਦੇ ਮੁਖੀ ਦੇ ਅੰਗ ਸੰਗ ਭਾਵ ਲਾਗੇ ਰਹਿੰਦੇ ਸਨ। ਨਿੱਜੀ ਸਹਾਇਕ ਵਜੋਂ ਹੁਕਮ ਬਜਾਉਣ ਅਤੇ ਲਾਗੇ ਰਹਿਣ ਕਰਕੇ ਇਹਨਾਂ ਨੂੰ ਲਾਗੀ ਕਿਹਾ ਜਾਂਦਾ ਸੀ। ਇਸ ਕਿਰਤ ਬਦਲੇ ਮਿਲਣ ਵਾਲੇ ਸੇਵਾਫਲ ਨੂੰ ਲਾਗ ਕਿਹਾ ਜਾਂਦਾ ਸੀ। ਜਦ ਲੜਕੀ ਵਿਆਹ ਕੇ ਸਹੁਰੇ ਜਾਂਦੀ ਤਾਂ ਨਾਈ ਪਰਿਵਾਰ ਦੀ ਸਿਆਣੀ ਔਰਤ ਉਸਦੇ ਨਾਲ ਨਿੱਜੀ ਸੇਵਕਾ ਵਜੋਂ ਜਾਂਦੀ। ਉਥੇ ਉਹ ਇਕ ਦੋ ਦਿਨ ਲੜਕੀ ਦੀ ਦੇਖ ਭਾਲ ਕਰਦੀ, ਉਸ ਦੇ ਖਾਣ ਪੀਣ, ਪਹਿਨਣ ਅਤੇ ਆਰਾਮ ਦਾ ਖਿਆਲ ਰੱਖਦੀ। ਵਾਪਸ ਮੁੜਦੀ ਤਾਂ ਕੁੜੀ ਦੇ ਸਹੁਰੇ ਪਰਿਵਾਰ ਵਲੋਂ ਉਸ ਨੂੰ ਇਸ ਸੇਵਾ ਬਦਲੇ ਲਾਗ ਦਿੱਤਾ ਜਾਂਦਾ। ਅਜਿਹੀ ਕਿਰਤ ਕਰਨ ਵਾਲੀ ਨਾਈ ਜਾਤੀ ਨੂੰ ਸਾਡੇ ਸਮਾਜ ਵਿਚ ਛੋਟੀ ਮੰਨਿਆਂ ਜਾਂਦਾ ਰਿਹਾ ਹੈ। ਉਹਨਾਂ ਵਲੋਂ ਨਿਭਾਈਆਂ ਜਾਂਦੀਆਂ ਉਪਰੋਕਤ ਸਾਰੀਆਂ ਜਿੰਮੇਵਾਰੀਆਂ ਨੂੰ ਬੁੱਤੀਆਂ (ਨਿੱਕੇ ਕੰਮ) ਆਖਿਆ ਜਾਂਦਾ ਸੀ।
ਪਹਿਲੇ ਸਮੇਂ ਵਿਚ ਆਮ ਲੋਕ ਤਾਂ ਪਰਿਵਾਰ ਵਿਚ ਖੁਸ਼ੀ ਗਮੀ ਦੇ ਮੌਕਿਆਂ ਤੇ ਜਾਂ ਪਰਿਵਾਰਕ 'ਕੱਠਾਂ ਵੇਲੇ ਨਾਈ ਦੀਆਂ ਸੇਵਾਵਾਂ ਲੈਂਦੇ ਸਨ ਪਰ ਰਾਜੇ ਰਾਣੇ ਆਪਣੀਆ ਨਿੱਜੀ ਕਿਰਿਆਵਾਂ 'ਚ ਸਹਾਇਤਾ ਅਤੇ ਸਰੀਰਕ ਸੰਭਾਲ ਲਈ ਨਾਈ ਨੂੰ ਪੱਕੇ ਤੌਰ ਤੇ ਆਪਣੀ ਸੇਵਾ ਵਿਚ ਹਾਜ਼ਰ ਰੱਖਦੇ ਸਨ। ਭਗਤ ਸੈਣ ਜੀ ਬਾਂਧਵਗੜ੍ਹ (ਰੇਵਾ) ਰਿਆਸਤ ਦੇ ਰਾਜਾ ਪਾਸ ਅਜਿਹੀ ਨੌਕਰੀ ਹੀ ਕਰਦੇ ਸਨ। ਰਾਜੇ ਨੂੰ ਇਸ਼ਨਾਨ ਕਰਾਉਣਾ, ਨਹੁੰ ਲਾਹੁਣੇ, ਮੁਠੀ ਚਾਪੀ ਕਰਨਾ, ਕਪੜੇ ਸੰਭਾਲਣੇ ਆਦਿ ਉਹਨਾਂ ਦੀ ਕਿਰਤ ਸੀ। ਬਚਪਨ ਵਿਚ ਲਹੌਰ ਆਪਣੀ ਭੂਆ ਕੋਲ ਰਹਿੰਦਿਆਂ ਥੋੜ੍ਹੀ ਬਹੁਤੀ ਹਿਕਮਤ ਵੀ ਸਿਖੀ ਹੋਈ ਸੀ। ਆਪਣੇ ਸਾਰੇ ਕੰਮਾਂ ਨੂੰ ਤਨਦੇਹੀ ਨਾਲ ਨਿਭਾਉਣ ਪਿਛੋਂ ਜਦ ਵਿਹਲੇ ਹੁੰਦੇ ਤਾਂ ਸ਼ਬਦ ਸਾਧਨਾ ਵਿਚ ਜੁਟ ਜਾਂਦੇ। ਕਬੀਰ ਸਾਹਿਬ ਦਾ ਕਾਵਿ ਪੜ੍ਹ ਕੇ ਅਤੇ ਉਹਨਾਂ ਬਾਬਤ ਸੁਣ ਕੇ ਆਪ ਬੜੇ ਪ੍ਰਭਾਵਤ ਅਤੇ ਪ੍ਰੇਰਤ ਹੋਏ। ਮਨ ਵਿਚ aੇਹਨਾਂ ਜੈਸਾ ਹੋਣ ਦੀ ਰੀਝ ਜਾਗੀ। ਇਸ ਲਈ ਆਪ ਵੀ ਕਬੀਰ ਜੀ ਵਾਂਗ ਸਵਾਮੀ ਰਾਮਾਨੰਦ ਜੀ ਪਾਸੋਂ ਦੀਖਿਆ ਲੈ ਕੇ ਉਹਨਾਂ ਦੇ ਸਿੱਖ ਬਣੇ। ਇਸ ਬਾਰੇ ਭਾਈ ਗੁਰਦਾਸ ਜੀ ਦਾ ਕਥਨ ਹੈ:
ਸੁਣਿ ਪਰਤਾਪੁ ਕਬੀਰ ਦਾ ਦੂਜਾ ਸਿਖੁ ਹੋਆ ਸੈਣੁ ਨਾਈ।
ਪ੍ਰੇਮ ਭਗਤਿ ਰਾਤੀ ਕਰੇ ਭਲਕੈ ਰਾਜ ਦੁਆਰੈ ਜਾਈ।
ਭਗਤ ਰਾਮਾਨੰਦ ਜੀ ਦੇ ਉਪਦੇਸ਼ ਅਤੇ ਗੁਰਭਾਈ ਕਬੀਰ ਦੀ ਸੁਹਬਤ ਨਾਲ ਸੈਣ ਜੀ ਬਹੁਤ ਉਚੇ ਪੱਧਰ ਦੇ ਸੁਖਨਵਰ ਹੋ ਨਿਬੜੇ। ਉਹਨਾਂ ਪਾਸ ਸਮਕਾਲੀ ਕਵੀਆਂ, ਚਿੰਤਕਾਂ, ਵਿਦਵਾਨਾਂ ਦਾ ਅਕਸਰ ਆਉਣ ਜਾਣ ਬਣਿਆਂ ਰਹਿੰਦਾ ਸੀ। ਉਹਨਾਂ ਦੀ ਕਾਵਿ ਪ੍ਰਤਿਭਾ ਕਾਰਨ ਰਾਜਾ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਸੀ। ਰਾਜੇ ਦੇ ਨਿੱਜੀ ਸਹਾਇਕ ਹੋਣ ਕਰਕੇ ਵੰਨ-ਸੁਵੰਨੇ ਲੋਕਾਂ ਨਾਲ ਮੇਲ ਮਿਲਾਪ ਅਤੇ ਜਾਣਕਾਰੀ ਹਾਸਲ ਕਰਨ ਦਾ ਸਬੱਬ ਵੀ ਬਣਿਆਂ ਰਹਿੰਦਾ ਸੀ। ਉਹਨਾਂ ਦੀ ਜਾਤੀ ਨੂੰ ਭਾਵੇਂ ਨੀਵਾਂ ਸਮਝਿਆ ਜਾਂਦਾ ਸੀ ਪਰ ਆਪਣੀ ਸ਼ਬਦ ਸਾਧਨਾ ਅਤੇ ਰਚਨਾ ਕਾਰਨ ਆਪ ਉਸ ਸਮੇਂ ਦੇ ਪ੍ਰਸਿੱਧ ਭਗਤਾਂ, ਕਵੀਆਂ, ਵਿਦਵਾਨਾਂ ਵਿਚ ਗਿਣੇ ਜਾਣ ਲੱਗੇ ਅਤੇ ਹੋਰਾਂ ਲਈ ਪ੍ਰੇਰਨਾ ਸਰੋਤ ਬਣਨ ਲੱਗੇ। ਕਿਰਤ ਅਤੇ ਕੀਰਤੀ ਦੇ ਸੁਮੇਲ ਭਗਤ ਸੈਣ ਜੀ ਬਾਬਤ ਗੁਰੁ ਅਰਜਨ ਦੇਵ ਜੀ ਨੇ ਕਿਹਾ ਹੈ:
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ॥
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ॥
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ॥
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ॥ (੪੮੮, ਮ; ੫)
ਇਸ ਤਰ੍ਹਾਂ ਭਗਤ ਸੈਣ ਦੀ ਦੂਰ ਦੂਰ ਤੱਕ ਫੈਲੀ ਸੋਭਾ ਵਡਿਆਈ ਕਾਰਨ ਰਾਜਸਥਾਨ ਵਿਚ ਦੂਰ ਬੈਠੇ ਭਗਤ ਧੰਨਾ ਜੀ ਨੂੰ ਭਗਤੀ ਮਾਰਗ ਤੇ ਚੱਲਣ ਦੀ ਪ੍ਰੇਰਨਾ ਮਿਲੀ ਅਤੇ ਉਹ ਵੀ ਸਵਾਮੀ ਰਾਮਾਨੰਦ ਜੀ ਦੀ ਸ਼ਰਨ ਵਿਚ ਆ ਗਏ। ਭਗਤ ਰਵਿਦਾਸ ਜੀ ਨੇ ਹੋਰ ਵਡਾਰੂ ਭਗਤਾਂ ਬਾਣੀਕਾਰਾਂ ਦੇ ਨਾਲ ਨਾਲ ਇਸ ਵੱਡੇ ਗੁਰਭਾਈ ਦੀ ਵਡਿਆਈ ਕਰਦਿਆਂ ਬੜਾ ਆਦਰ ਭਾਵ ਪ੍ਰਗਟ ਕੀਤਾ ਹੈ ਅਤੇ ਉਹਨਾਂ ਨੂੰ ਬੜੇ ਪਹੁੰਚੇ ਹੋਏ ਮਹਾਂਪੁਰਸ਼ ਤਸਲੀਮ ਕੀਤਾ ਹੈ:
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥ (੧੧੦੬, ਰਵਿਦਾਸ ਜੀ)
ਸੈਣ ਜੀ ਦਾ ਭਾਵੇਂ ਸ਼੍ਰੀ ਆਦਿ ਗਰੰਥ ਵਿਚ ਕੇਵਲ ਇਕ ਸ਼ਬਦ ਦਰਜ ਹੈ ਪਰ ਉਹਨਾਂ ਦੇ ਸਮਕਾਲੀ ਭਗਤਾਂ ਅਤੇ ਮਗਲੇ ਬਾਣੀਕਾਰਾਂ ਵਲੋਂ ਆਪਣੀ ਰਚਨਾ ਵਿਚ ਉਹਨਾਂ ਦੀ ਬਹੁਤ ਵੱਡੀ ਮਹਾਨਤਾ ਨੂੰ ਦਰਜ ਕੀਤਾ ਹੈ। ਗੁਰੁ ਅਰਜਨ ਦੇਵ ਜੀ ਨੇ ਕੇਵਲ ਉਹਨਾਂ ਦੀ ਬਾਣੀ ਨੂੰ ਹੀ ਆਦਿ ਸ੍ਰੀ ਗਰੰਥ ਸਾਹਿਬ ਵਿਚ ਸ਼ਾਮਲ ਨਹੀਂ ਕੀਤਾ ਸਗੋਂ ਜਿਹਨਾਂ ਉਘੀਆਂ ਸਖ਼ਅੀਅਤਾਂ ਨੂੰ ਉਹ ਆਪਣਾ ਰੋਲ ਮਾਡਲ ਮੰਨਦੇ ਸਨ, ਜਿਹਨਾਂ ਜੈਸੀ ਜੀਵਨ ਸ਼ੈਲੀ ਧਾਰਨ ਕਰਨਾ ਲੋੜਦੇ ਸਨ, ਜਿਹਨਾਂ ਜੈਸੀ ਆਤਮਿਕ ਅਵੱਸਥਾ ਗ੍ਰਹਿਣ ਕਰਨ ਦੀ ਚਾਹਤ ਰੱਖਦੇ ਸਨ ਅਤੇ ਜਿਹਨਾਂ ਜੈਸੀ ਰੱਬੀ ਬਖਸ਼ਿਸ਼ ਦੇ ਪਾਤਰ ਬਣਨ ਦੀ ਪ੍ਰਾਥਨਾ ਕਰਦੇ ਸਨ ਉਹਨਾਂ ਵਿਚ ਭਗਤ ਸੈਣ ਜੀ ਦਾ ਨਾਮ ਉਚੇਚਾ ਸ਼ਾਮਲ ਕਰਕੇ ਗੁਰੂ ਗਰੰਥ ਸਾਹਿਬ ਵਿਚ ਸਦੀਵ ਕਾਲ ਲਈ ਦਰਜ ਕਰ ਗਏ:
ਜੈਦੇਵ ਤਿਆਗਿਓ ਅਹੰਮੇਵ॥ ਨਾਈ ਉਧਰਿਓ ਸੈਨੁ ਸੇਵ ॥
ਮਨੁ ਡੀਗਿ ਨ ਡੋਲੈ ਕਹੂੰ ਜਾਇ॥ ਮਨ ਤੂ ਭੀ ਤਰਸਹਿ ਸਰਣਿ ਪਾਇ॥ (੧੧੯੨, ਮ; ੫)
ਇਸ ਤੋਂ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਸਿਖਾਂ ਤੋਂ ਸੈਣ ਜੀ ਅਤੇ ਗੁਰੂਆਂ ਤੋਂ ਪੂਰਬਲੇ ਹੋਰ ਬਾਣੀਕਾਰਾਂ ਪ੍ਰਤੀ ਕਿੰਨੇ ਮਾਣ, ਸਤਿਕਾਰ ਅਤੇ ਸ਼ਰਧਾ ਦੀ ਤਵੱਜੋ ਕਰਦੇ ਹਨ।
ਪੋਸਟ ਕ੍ਰੈਡਿਟ - ਹਮ ਰਾਖਤ ਪਾਤਸ਼ਾਹੀ ਦਾਵਾ।