17/08/2026
ਅੱਜ ਪੂਰੇ ਸੱਤ ਸਾਲ ਹੋ ਗਏ ਪਿੰਡ ਦੇ ਗਰਾਊਂਡ 'ਚ ਰੋਜ਼ਾਨਾ ਦੌੜਦੇ ਨੂੰ ,, ਪਿਛਲੇ ਛੇ ਸਾਲਾਂ ਨਾਲੋਂ ਇਹ ਸਾਲ ਵਧੇਰੇ ਮੁਸ਼ਕਿਲਾਂ ਭਰਿਆ ਰਿਹਾ ਜਿਸ ਵਿੱਚ ਡੇਂਗੂ ਦਾ ਵੀ ਸ਼ਿਕਾਰ ਹੋਇਆ ਅਤੇ ਕ੍ਰਿਕਟ ਖੇਡਦੇ ਬੌਲਿੰਗ ਕਰਦੇ ਹੋਏ knee twisting ਹੋਣ ਕਰਕੇ Ligament Sprain ਦਾ ਸਾਹਮਣਾ ਵੀ ਕਰਨਾ ਪਿਆ ਹੋਰ ਤਾਂ ਹੋਰ meniscus tear grade 3 ਨਾਲ ਵੀ ਦੌੜਨ ਵਿੱਚ ਤਕਲੀਫ਼ ਹੋਈ , ਜਿਸ ਕਰਕੇ ਦੌੜ ਥੋੜ੍ਹੀ ਘੱਟ ਜ਼ਰੂਰ ਕੀਤੀ ਪਰ ਬੰਦ ਨਾ ਕੀਤੀ , ਏਸੇ ਤਰ੍ਹਾਂ ਡੇਂਗੂ ਵਿੱਚ ਇੱਕ-ਦੋ ਦਿਨਾਂ ਦੀ ਅਸਥਾਈ ਰਾਹਤ ਲੈ ਕੇ ਆਥਣ-ਤੜਕੇ ਦੌੜਕੇ ਮਨ ਦੀ ਸੰਤੁਸ਼ਟੀ ਕੀਤੀ, ਇਹ ਵੀ ਚੀਜ਼ ਅਨੁਭਵ ਹੋਈ ਕਿ ਸਰੀਰ ਦਾ ਕਿਸੇ ਕਿਸਮ ਦਾ ਵੀ ਬੰਦੇ ਨੂੰ ਮਾਣ ਬਿਲਕੁਲ ਨਹੀਂ ਕਰਨਾ ਚਾਹੀਦਾ ਕਿਉਂਕਿ ਸਰੀਰ ਵਿੱਚ ਇੱਕ ਸਕਿੰਟ ਵਿੱਚ ਕਰੋੜਾਂ ਨਵੇਂ ਸੈੱਲ ਬਣਦੇ ਹਨ ਅਤੇ ਕਰੋੜਾਂ ਈ ਟੁੱਟਦੇ ਹਨ ਇਨ੍ਹਾਂ ਵਿੱਚ ਮਾਮੂਲੀ ਜਿਹਾ ਹੇਰ-ਫੇਰ ਮੌਤ ਹੈ , ਹੋਇਆ ਇੰਝ ਕਿ ਡੇਂਗੂ ਦੌਰਾਨ ਸੈੱਲ ਪਚਵੰਜਾ ਕੁ ਹਜ਼ਾਰ ਰਹਿ ਗਏ ਕਿ ਅਚਾਨਕ BP ਘਟਿਆ ਤਾਂ ਬੇਹੋਸ਼ ਹੋ ਗਿਆ ਜਦੋਂ ਬੇਹੋਸ਼ੀ ਦੀ ਹਾਲਤ ਪੈਦਾ ਹੋ ਰਹੀ ਸੀ ਤਾਂ ਇੰਝ ਲੱਗ ਰਿਹਾ ਸੀ ਕਿ ਥਿੰਦੇ ਭਾਂਡੇ ਤੋਂ ਪਾਣੀ ਵਾਂਗ ਤਿਲਕ ਚੱਲੀ ਜ਼ਿੰਦਗੀ ਪਰ ਅਜਿਹਾ ਨਾ ਹੋਇਆ ਕਿਉਂਕਿ ਅੱਗੇ ਜਾ ਕੇ ਭਾਪੇ ਦਾ ਵਿਛੋੜਾ ਜੋ ਦੇਖਣਾ ਰਹਿੰਦਾ ਸੀ । 2 ਮਾਰਚ 2026 ਦਿਨ ਸੋਮਵਾਰ , ਦੁਪਹਿਰ ਦੇ ਸਵਾ ਕੁ ਤਿੰਨ ਵਜੇ ਭਾਪੇ ਨੇ ਸਾਡੇ ਤੋਂ ਅੱਖਾਂ ਮੀਚ ਲਈਆਂ , ਵੱਡੇ ਵੀਰੇ ਦੇ ਵਿਛੋੜੇ ਤੋਂ ਪੂਰੇ ਸੱਤ ਸਾਲ ਇੱਕੀ ਦਿਨਾਂ ਬਾਅਦ ਭਾਪਾ ਪੂਰੇ ਸਿਦਕ ਅਤੇ ਸਿਰੜ ਨਾਲ ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਨਾਲ ਲੜਦਾ ਮੌਤ ਤੋਂ ਹਾਰ ਗਿਆ,, ਭਾਪਾ ਘਰੇ ਪਰਿਵਾਰ 'ਚ ਅਹਿੱਲ ਪਿਆ ਸੀ ਅਤੇ ਮੈਂ ਅਗਲੇ ਦਿਨ ਸਵੇਰੇ ਭਾਪੇ ਨੂੰ ਸ਼ਰਧਾਂਜਲੀ ਦੇਣ ਗਰਾਊਂਡ ਵਿੱਚ ਦੌੜਨ ਚਲਾ ਗਿਆ,,ਓਸੇ ਗਰਾਊਂਡ ਵਿੱਚ ਜਿੱਥੋਂ ਭਾਪੇ ਦਾ ਨਾਮ ਪੈਦਾ ਹੋਇਆ ਸੀ ਕਬੱਡੀ ਦੇ ਇਤਿਹਾਸ ਵਿੱਚ *ਰੁਲਦੂ ਮੰਡੀਆਲਾ* ,, ਸੋਚਦਾਂ ਜੇ ਵੀਰੇ ਦੇ ਤੁਰ ਜਾਣ ਪਿੱਛੋਂ ਗਰਾਊਂਡ ਨਾਲ ਨਾ ਜੁੜਦਾ ਤਾਂ ਸ਼ਾਇਦ ਅੱਜ ਨੂੰ ਮੈਂ ਵੀ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੋ ਕੇ ਕਦੋਂ ਦਾ ਸਵਾਹ ਬਣ ਗਿਆ ਹੁੰਦਾ,, ਦੌੜਦਾ ਹਾਂ ਤਾਂ ਸਬਰ ਉਪਜਦਾ ਹੈ ਧੀਰਜ ਬੱਝਦਾ ਹੈ positivity ਪੈਦਾ ਹੁੰਦੀ ਹੈ,,ਭਾਪਾ ਘਰੇ ਚੁੱਪ ਹੋਇਆ ਪਿਆ ਸੀ ਮੈਂ ਦੌੜਦਾ-ਦੌੜਦਾ ਰੋ-ਰੋ ਕਦਮਾਂ ਦੀ ਗਤੀ ਵਧਾਉਂਦਾ ਜਾ ਰਿਹਾ ਸੀ,, ਇੱਕੋ ਵੇਲ਼ੇ ਬੜਾ ਕੁੱਝ ਦਿਮਾਗ਼ ਮਹਿਸੂਸ ਕਰ ਰਿਹਾ ਸੀ,,, ਹੁਣ ਮੈਨੂੰ ਨਹੀਂ ਪਤਾ ਦੌੜਨਾ ਮੇਰੀ ਬਿਮਾਰੀ ਬਣ ਚੁੱਕੀ ਹੈ ਜਾਂ ਵੱਡੇ ਭਰਾ ਅਤੇ ਭਾਪੇ ਦੇ ਵਿਛੋੜੇ ਨੂੰ ਸਹਿਣ ਦੀ ਦਵਾਈ,,,
ਗੋਲਡੀ ਦਾ ਛੋਟਾ ਭਰਾ ਜਸਵਿੰਦਰ